ਸੰਗਰੂਰ 31 ਜਨਵਰੀ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼ਾਨਦਾਰ ਰਵਾਇਤਾਂ ਕਾਇਮ ਕਰਦੇ ਹੋਏ ਪੰਜਾਬੀ ਦੇ ਨਾਮਵਰ ਸਾਹਿਤਕਾਰ, ਦੋ ਦਰਜਨ ਪੁਸਤਕਾਂ ਦੇ ਰਚੈਤਾ ਉੱਚ ਹੋਮਿਓਪੈਥਿਕ ਚਕਿਤਸਕ, ਨਿਸ਼ਕਾਮ ਸਮਾਜ ਸੇਵੀ ਡਾ. ਸੁਰਿੰਦਰ ਕਾਹਲੋਂ ਗੁਰਦਾਸਪੁਰ ਨਾਲ ਲੇਖਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਨ੍ਹਾਂ ਨੇ ਸਿੱਖ ਇਤਿਹਾਸ ਅਤੇ ਸਮਾਜਕ ਪ੍ਰਸੰਗਾਂ ਬਾਰੇ ਉੱਚ ਪੁਸਤਕਾਂ ਲਿਖ ਕੇ ਆਪਣਾ ਨਾਂ ਸਥਾਪਤ ਕੀਤਾ ਹੈ। ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਐਡਵੋਕੇਟ ਨੇ ਕੀਤੀ। ਡਾ. ਕਾਹਲੋਂ ਨੇ ਆਪਣੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਇੱਕ ਪੜ੍ਹੇ ਲਿਖੇ ਪਰਿਵਾਰ ਚ ਪੈਦਾ ਹੋਇਆ, ਅਸੀਂ ਪਾਕਿਸਤਾਨ ਤੋਂ ਉੱਜੜ ਕੇ ਆਏ ਅਤੇ ਵੰਡ ਦਾ ਸੰਤਾਪ ਹੰਢਾਇਆ। ਮੇਰੇ ਪਿਤਾ ਜੀ ਮੁੜ ਵਸਾਊ ਮਹਿਕਮੇ ਚ ਤਹਿਸੀਲਦਾਰ ਸਨ ਪਰ ਇੱਕ ਐਕਸੀਡੈਂਟ ਚ ਉਨ੍ਹਾਂ ਦੀ ਮੌਤ ਹੋ ਗਈ। ਜਿਸ ਕਾਰਣ ਪਰਿਵਾਰ ਅਰਸ਼ ਤੋਂ ਫਰਸ਼ ਤੇ ਆ ਗਿਆ। ਮੈਂ ਉੱਚੇਰੀ ਸਿੱਖਿਆ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਿਆ ਜਿੱਥੇ ਐਮ.ਏ. ਪੰਜਾਬੀ ਕੀਤੀ। ਮੇਰੇ ਮਿਹਰਬਾਨ ਅਧਿਆਪਕ ਮੈਨੂੰ ਪੀ.ਐਚ.ਡੀ. ਕਰਨ ਲਈ ਪ੍ਰੇਰਦੇ ਸਨ ਪਰ ਮੈਂ ਪੀ.ਐਚ.ਡੀ. ਦਾ ਖਿਆਲ ਛੱਡ ਦਿੱਤਾ। ਬਾਬੇ ਦੀ ਕਿਰਪਾ ਨਾਲ ਕੇਰਲਾ ਦੇ ਇੰਸਟੀਚਿਊਟ ਤੋਂ ਦੋ ਸਾਲ ਦਾ ਕੋਰਸ ਤਿੰਨ ਸਾਲਾ ਵਿੱਚ ਕਰਕੇ ਹੋਮਿਓਪੈਥੀ ਦਾ ਡਾਕਟਰ ਬਣ ਗਿਆ। ਪਿਛਲੇ ਪੰਜਾਹ ਸਾਲ ਤੋਂ ਇਸ ਖੇਤਰ ਵਿੱਚ ਕੰਮ ਕਰ ਰਿਹਾ ਹਾਂ, ਜਿਨ੍ਹਾਂ ਵਿੱਚ ਤੀਹ ਸਾਲਾਂ ਦੇ ਕਰੀਬ ਨਿਸ਼ਕਾਮ ਸੇਵਾ ਸੰਸਥਾਨ ਵਿੱਚ ਸੇਵਾ ਕੀਤੀ। ਮੇਰੀਆਂ ਚਾਰ ਧਾਰਮਿਕ ਪੁਸਤਕਾਂ ਹਨ। ਲੋਕਾਂ ਨੂੰ ਸਿਹਤ ਦੇ ਨਾਲ ਗਿਆਨ ਵੰਡਣ ਲਈ “ਗਿਆਨ ਪ੍ਰਭਾਤ ਪੇਂਡੂ ਪੁਸਤਕਾਲਾ” ਗੁਰਦਾਸਪੁਰ ਕਾਇਮ ਕੀਤਾ ਹੈ। ਮੈਨੂੰ ਮਨੁੱਖਤਾ ਦੀ ਸਿਹਤ ਦਾ ਸੁਧਾਰ ਅਤੇ ਗਿਆਨ ਵੰਡ ਕੇ ਪ੍ਰੰਸਨਤਾ ਹੁੰਦੀ ਹੈ।ਸ਼ਾਇਰੀ ਦੇ ਸਰੂਰ ਵਿੱਚ ਮੇਰੀ ਬਿਹਤਰੀਨ ਰਚਨਾ ਹੈ। ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕਿਹਾ ਕਿ ਡਾ. ਸੁਰਿੰਦਰ ਕਾਹਲੋਂ ਨੇ ਛੇ ਦਹਾਕਿਆਂ ਤੋਂ ਨਿਰੰਤਰ ਸਾਹਿਤ ਸਿਰਜਣਾ ਕਰਕੇ ਅਤੇ ਲੱਖਾਂ ਲੋਕਾਂ ਦੀ ਸਿਹਤ ਸੁਧਾਰ ਕੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਅਜਿਹੇ ਨਿਸ਼ਕਾਮ ਸਾਹਿਤਕਾਰਾਂ ਦੇ ਸਦਕਾ ਮਾਂ ਬੋਲੀ ਪੰਜਾਬੀ ਅਨੇਕਾਂ ਚੱਖੜਾਂ-ਝੋਲਿਆ ਦਾ ਮੁਕਾਬਲਾ ਕਰਨ ਦੇ ਸਮਰਥ ਹੋ ਸਕੀ ਹੈ। ਇਸ ਮੌਕੇ ਤੇ ਨਿਹਾਲ ਸਿੰਘ ਮਾਨ ਨੇ ਗੁਰਬਾਣੀ ਦੀ ਲਿਪੀ ਸਬੰਧੀ ਕਈ ਨੁਕਤੇ ਸਾਂਝੇ ਕੀਤੇ। ਡਾ. ਭਗਵੰਤ ਸਿੰਘ ਨੇ ਡਾ. ਸੁਰਿੰਦਰ ਕਾਹਲੋਂ ਦੀ ਸਾਹਿਤਕ ਦੇਣ ਅਤੇ ਪ੍ਰਤਿਭਾ ਦੇ ਅਦ੍ਰਿਸ਼ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾ. ਦਵਿੰਦਰ ਕੌਰ ਨੇ ਕਾਹਲੋਂ ਦੀਆਂ ਰਚਨਾਵਾਂ ਦੇ ਪ੍ਰੇਰਨਾ ਸਰੋਤਾਂ ਬਾਰੇ ਸੁਆਲ ਕੀਤੇ ਗਏ। ਉਘੇ ਖੋਜੀ ਗੁਰਨਾਮ ਸਿੰਘ ਨੇ ਡਾ. ਕਾਹਲੋਂ ਤੋਂ ਵਿਿਭੰਨ ਵਿਿਸ਼ਆਂ ਬਾਰੇ ਸੁਆਲ ਪੁੱਛੇ। ਡਾ. ਸੁਰਿੰਦਰ ਕਾਹਲੋਂ ਨੂੰ ਸਾਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਲੇਖਕਾਂ ਨੇ ਆਪਣੀਆਂ ਪੁਸਤਕਾਂ ਭੇਂਟ ਕੀਤੀਆਂ। ਇਸ ਮੌਕੇ ਚਰਨ ਸਿੰਘ ਸੁਖ, ਸੰਦੀਪ ਸਿੰਘ, ਅਰੁਨਦੀਪ ਸਿੰਘ, ਡਾ. ਵਿਕਾਸ ਪੁਰੀ ਆਦਿ ਅਨੇਕਾਂ ਸਾਹਿਤਕਾਰਾਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ।

