ਅਵਾਰਾ ਪਸ਼ੂਆਂ ਕਾਰਨ ਕਈ ਮਨੁੱਖੀ ਜਾਨਾ ਅਜਾਈਂ ਜਾ ਰਹੀਆਂ ਹਨ, ਕਈ ਹੋ ਰਹੇ ਹਨ ਅਪਾਹਜ
ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹੇ ਭਰ ਵਿੱਚ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਲੋਕ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਤੋਂ ਇਲਾਵਾ ਢੱਠਿਆਂ ਦੀ ਆਪਸੀ ਲੜਾਈ ਕਾਰਨ ਵੀ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਅੱਖਾਂ ਮੀਚੀ ਬੈਠੇ ਹੋਏ ਹਨ। ਜਿਕਰਯੋਗ ਹੈ ਕਿ ਜ਼ਿਲ੍ਹੇ ਭਰ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਹਰ ਗਲੀ-ਮੁਹੱਲੇ ਵਿੱਚ ਪਸ਼ੂਆਂ ਦੇ ਝੁੰਡ ਦਿਖਾਈ ਦੇ ਜਾਂਦੇ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਥਾਂ-ਥਾਂ ਲਾਏ ਗਏ ਕੂੜੇ ਦੇ ਢੇਰਾਂ ’ਤੇ ਵੀ ਇਹ ਅਵਾਰਾ ਪਸ਼ੂ ਮੂੰਹ ਮਾਰਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਹਾਲਾਤ ਐਨੇ ਖਰਾਬ ਹੋ ਚੁੱਕੇ ਹਨ ਕਿ ਪੈਦਲ ਜਾਣ ਵਾਲੇ ਲੋਕਾਂ ਸਮੇਤ ਵਾਹਨ ਚਾਲਕ ਵੀ ਇਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਇਹ ਪਸ਼ੂ ਅਚਾਨਕ ਸੜਕ ਦੇ ਵਿਚਕਾਰ ਆ ਜਾਂਦੇ ਹਨ, ਜਿਸ ਕਾਰਨ ਵਾਹਨ ਹਾਦਸਾਗ੍ਰਸਤ ਹੋ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਅਵਾਰਾ ਪਸ਼ੂਆਂ ਕਾਰਨ ਲੋਕ ਗੰਭੀਰ ਤੌਰ ’ਤੇ ਜਖਮੀ ਹੋਏ ਜਾਂ ਮੌਤ ਦੇ ਮੂੰਹ ਵਿੱਚ ਜਾ ਪਏ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਮੁਤਾਬਿਕ ਅਵਾਰਾ ਪਸ਼ੂਆਂ ਨੂੰ ਜਲਦ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ।

