ਹਰ ਬਲਾਕ ਦੇ ਪਿੰਡਾਂ ’ਚ ਐਸ.ਐਸ.ਪੀ. ਦੇ ਫੂਕੇ ਜਾਣਗੇ ਪੁਤਲੇ : ਡੱਲੇਵਾਲ
ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਬਜਾਏ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਹੀ ਪੁਲਿਸ ਦੀਆਂ ਵੱਡੀਆਂ ਡਾਰਾਂ ਨਾਲ ਰੇਡਾਂ ਮਾਰ ਕੇ ਦਹਿਸ਼ਤ ਪੈਦਾ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਉਹਨਾਂ ਵੱਲੋਂ ਇਨਸਾਫ ਲਈ ਦਿੱਤੀਆਂ ਗਈਆਂ ਅਰਜੀਆਂ ਨੂੰ ਵਾਪਸ ਲੈਣ ਲਈ ਬਣਾਏ ਜਾ ਰਹੇ ਦਬਾਅ ਦੇ ਰੋਸ ਵੱਜੋਂ ਪੀੜਤ ਪਰਿਵਾਰਾਂ ਅਤੇ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ ਸੀਨੀਅਰ ਕਿਸਾਨ ਆਗੂਆਂ ਦੀ ਹਾਜਰੀ ਵਿੱਚ ਜਿਲਾ ਪ੍ਰਧਾਨ ਬੋਹੜ ਸਿੰਘ ਧਾਲੀਵਾਲ ਅਤੇ ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਰਕਾਰਾਂ ਦੀ ਬੇਰੁੱਖੀ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਵੀ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਗੀ ਨਾ ਦਿਖਾਉਂਦਿਆਂ ਬੇਰੁਖੀ ਹੀ ਦਿਖਾਈ ਜਾ ਰਹੀ ਹੈ। ਉਹਨਾ ਦੱਸਿਆ ਕਿ ਪਿਛਲੇ ਦਿਨੀ ਵਾਇਰਲ ਹੋਈਆਂ ਖਬਰਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕਿਸਾਨੀ ਦੇ ਦੁਸ਼ਮਣਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਉੱਪਰ ਜਾਨਲੇਵਾ ਹਮਲੇ ਹੋ ਸਕਦੇ ਹਨ, ਜਿਸ ਸਬੰਧੀ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਜਥੇਬੰਦੀ ਵੱਲੋਂ ਮਜਬੂਰੀਵਸ ਫੈਸਲਾ ਕੀਤਾ ਗਿਆ ਕਿ ਹਰ ਇੱਕ ਬਲਾਕ ਦੇ ਪੰਜ ਪਿੰਡਾਂ ਵਿੱਚ ਹਰ ਰੋਜ ਐਸਐਸਪੀ ਫਰੀਦਕੋਟ ਦੇ ਪੁਤਲੇ ਫੂਕੇ ਜਾਣਗੇ ਅਤੇ 9 ਫਰਵਰੀ ਨੂੰ ਐਸਐਸਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।

