ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਸੜਕ ’ਤੇ ਸਥਿੱਤ ਪੈਟਰੋਲ ਪੰਪ ਸਾਹਮਣੇ ਇਕ ਘੋੜੇ ਟਰਾਲੇ ਦਾ ਅਚਾਨਕ ਗੇਅਰ ਖਰਾਬ ਹੋਣ ਕਾਰਨ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋਈ। ਦੂਰ ਦੂਰ ਤੱਕ ਵਾਹਨਾ ਦੀਆਂ ਲੰਮੀਆਂ ਲੰਮੀਆਂ ਲਾਈਨਾ ਲੱਗ ਗਈਆਂ ਤੇ ਕਰੀਬ ਢਾਈ ਘੰਟੇ ਬਾਅਦ ਪੁਲਿਸ ਨੇ ਆਵਾਜਾਈ ਬਹਾਲ ਕਰਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦ ਸੀਮਿੰਟ ਦਾ ਭਰਿਆ ਘੋੜਾ ਟਰਾਲਾ ਡਰਾਈਵਰ ਮੋੜਨ ਲੱਗਾ ਤਾਂ ਸੜਕ ਦੇ ਵਿਚਕਾਰ ਗੇਅਰ ਖਰਾਬ ਹੋ ਗਿਆ। ਗੰਗਾਨਗਰ, ਅਬੋਹਰ, ਮਲੋਟ, ਮੁਕਤਸਰ, ਮੋਗਾ, ਲੁਧਿਆਣਾ, ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ ਆਦਿਕ ਇਲਾਕਿਆਂ ਵਿੱਚ ਆਉਣ ਜਾਣ ਵਾਲੇ ਲੋਕਾਂ ਮੁਤਾਬਿਕ ਇਸ ਸ਼ਹਿਰ ਵਿੱਚ ਜੇਕਰ ਰਿੰਗ ਰੋਡ ਅਰਥਾਤ ਚਾਰ ਚੁਫੇਰੇ ਬਾਈਪਾਸ ਦੀ ਸਹੂਲਤ ਹੁੰਦੀ ਤਾਂ ਉਹ ਆਪੋ ਆਪਣੇ ਘਰਾਂ ਵਿੱਚ ਪਰਤਣ ਤੋਂ ਲੇਟ ਨਾ ਹੁੰਦੇ। ਉਹਨਾਂ ਮੰਨਿਆ ਕਿ ਗੰਗਾਨਗਰ-ਚੰਡੀਗੜ੍ਹ ਮੁੱਖ ਸੜਕ ਉਪਰ ਜਾਮ ਲੱਗਣ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਦਾ ਪੇ੍ਰਸ਼ਾਨ ਹੋਣਾ ਸੁਭਾਵਿਕ ਹੈ। ਟਰਾਲੇ ਦੇ ਚਾਲਕ ਦਰਸ਼ਨ ਸਿੰਘ ਮੁਤਾਬਿਕ ਉਹ ਦਮਦਮਾ ਸਾਹਿਬ ਤੋਂ ਸੀਮਿੰਟ ਲੈ ਕੇ ਦੁਆਰੇਆਣਾ ਰੋਡ ਕੋਟਕਪੂਰਾ ਵਿਖੇ ਛੱਡਣ ਆਇਆ ਸੀ ਪਰ ਅਚਾਨਕ ਨੁਕਸ ਪੈ ਜਾਣ ਕਰਕੇ ਇਹ ਸਮੱਸਿਆ ਆਈ। ਟਰੈਫਿਕ ਇੰਚਾਰਜ ਹਰਪਾਲ ਸਿੰਘ ਅਤੇ ਏਐਸਆਈ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਕਤ ਸਮੱਸਿਆ ਦੇ ਹੱਲ ਲਈ ਜੇਸੀਬੀ ਮੰਗਵਾਈ ਗਈ, ਬੜੀ ਜੱਦੋ ਜਹਿਦ ਨਾਲ ਟਰਾਲੇ ਨੂੰ ਇਕ ਪਾਸੇ ਕਰਕੇ ਆਵਾਜਾਈ ਬਹਾਲ ਕਰਵਾਈ ਗਈ।

