ਉੱਘੇ ਅੱਖਾਂ ਦੇ ਮਾਹਰ ਡਾ. ਬਰਾੜ ਦੇ ਮਾਤਾ ਜੀ ਦੀ ਹੋਈ ਅੰਤਿਮ ਅਰਦਾਸ
ਸਪੀਕਰ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਉਚੇਚੇ ਤੌਰ ’ਤੇ ਰਹੇ ਹਾਜ਼ਰ
ਫਰੀਦਕੋਟ, 8 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਇਲਾਵਾ ਅੱਜ ਸਮੂਹ ਸਿਆਸੀ ਪਾਰਟੀਆਂ ਦੇ ਲੀਡਰ, ਸਮਾਜ ਸੇਵੀ ਸੰਸਥਾਵਾਂ, ਸੂਬੇ ਭਰ ਤੋਂ ਆਏ ਡਾਕਟਰ ਕੋਟਕਪੂਰਾ ਵਿੱਚ ਸਥਿੱਤ ਬਰਾੜ ਅੱਖਾਂ ਦਾ ਹਸਪਤਾਲ ਦੇ ਸੰਚਾਲਕ ਅਤੇ ਜ਼ਿਲਾ ਫ਼ਰੀਦਕੋਟ ਦੀ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੀ ਇਕਾਈ ਦੇ ਪ੍ਰਧਾਨ ਡਾ. ਪ੍ਰਭਦੇਵ ਸਿੰਘ ਬਰਾੜ ਦੇ ਮਾਤਾ ਸੁਰਜੀਤ ਕੌਰ (ਪਤਨੀ ਸਵ ਜਗਦੇਵ ਸਿੰਘ ਬਰਾੜ) ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਬੋਲਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਮਾਂ ਦਾ ਰਿਸ਼ਤਾ ਦੁਨਿਆਵੀ ਰਿਸ਼ਤਿਆਂ ’ਚੋਂ ਸਭ ਤੋਂ ਪਵਿੱਤਰ ਰਿਸ਼ਤਾ ਹੈ ਅਤੇ ਮਾਂ ਦਾ ਸੰਸਾਰ ਤੋਂ ਤੁਰ ਜਾਣਾ ਬੱਚਿਆਂ ਲਈ ਬੇਹੱਦ ਪੀੜਾਮਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਮਾਂ ਦਾ ਜਿੰਦਗੀ ’ਚੋਂ ਜਾਣਾ ਜੀਵਨ ’ਚੋਂ ਸਭ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਚਰਨਾਂ ’ਚ ਅਰਦਾਸ ਕਰਦੇ ਹਨ ਕਿ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਨ੍ਹਾਂ ਕਿਹਾ ਕਿ ਸੱਚੀ ਸ਼ਰਧਾਜਲੀ ਤਾਂ ਉਹ ਹੈ ਕਿ ਆਪਣੇ ਘਰਾਂ ’ਚ ਬੈਠੀਆਂ ਮਾਵਾਂ ਨੂੰ ਖੁਸ਼ ਰੱਖੋ ਤੇ ਪ੍ਰਮਾਤਮਾ ਤੁਹਾਡੇ ’ਤੇ ਖੁਸ਼ ਰਹੇਗਾ। ਉਨ੍ਹਾਂ ਕਿਹਾ ਕਿ ਮਾਤਾ ਸੁਰਜੀਤ ਕੌਰ ਦੇ 93 ਸਾਲ ਦੀ ਤੰਦਰੁਸਤੀ ਵਾਲੀ ਉਮਰ ਭੋਗ ਕੇ ਵਿਛੋੜਾ ਦੇਣ ਵਾਲੀਆਂ ਗੱਲਾਂ ਨਵੀਂ ਪੀੜੀ ਲਈ ਪ੍ਰੇਰਨਾਦਾਇਕ ਬਣਨੀਆਂ ਸੁਭਾਵਿਕ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੱਸਿਆ ਕਿ ਡਾ. ਪ੍ਰਭਦੇਵ ਸਿੰਘ ਬਰਾੜ ਤੇ ਉਹ ਇੱਕਠੇ ਪੜ੍ਹਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਡਾ. ਪ੍ਰਭਦੇਵ ਸਿੰਘ ਬਰਾੜ ਦੇ ਮਾਤਾ ਸੁਰਜੀਤ ਕੌਰ ਸ਼ਾਂਤ ਸੁਭਾ ਦੇ ਮਾਲਕ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਹਜ਼ਾਰਾਂ ਬੱਚਿਆਂ ਨੂੰ ਵਿੱਦਿਆ ਦਾ ਦਾਨ ਦਿੱਤਾ ਸੀ। ਭੋਗ ਤੋਂ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਿਹਤ ਸਹੂਲਤਾਂ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਤਾਂ ਜੋ ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਦੁਹਰਾਇਆ ਕਿ ਸੂਬੇ ’ਚ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਅਤੇ ਹਸਪਤਾਲਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਸਵਾਲ ਕੀਤਾ ਕਿ ਉਹ ਆਪ ਦੱਸਣ ਉਨ੍ਹਾਂ ਦੇ ਜ਼ਿਲੇ ਫਰੀਦਕੋਟ ਅਤੇ ਕੋਟਕਪੂਰਾ ’ਚ ਸਿਵਲ ਹਸਪਤਾਲ ਦਾ ਕੰਮਕਾਰ ’ਚ ਫਰਕ ਹੈ ਜਾਂ ਨਹੀਂ। ਉਨ੍ਹਾਂ ਕੈਂਸਰ ਦੇ ਮਰੀਜ਼ਾਂ ਨੂੰ ਦਰਪੇਸ਼ ਆ ਰਹੀਆਂ ਕੁਝ-ਕੁ ਦਿੱਕਤਾਂ ’ਤੇ ਬੋਲਦਿਆਂ ਕਿਹਾ ਕਿ ਇਹ ਦਿੱਕਤਾਂ ਉਨ੍ਹਾਂ ਦੇ ਧਿਆਨ ’ਚ ਹਨ, ਜਿਨ੍ਹਾਂ ਨੂੰ ਜਲਦੀ ਦੂਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਸੂਬੇ ’ਚ 272 ਦੇ ਕਰੀਬ ਸਪੈਸ਼ਲਿਸਟ ਭਰਤੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ’ਚ 1800 ਹੋਰ ਆਸਾਮੀਆਂ ਜਲਦ ਹੀ ਭਰੀਆਂ ਜਾ ਰਹੀਆਂ ਹਨ। ਜਿਸ ’ਚ 350 ਡਾਕਟਰ, ਬਾਕੀ ਸਟਾਫ ਨਰਸ, ਲੈਬੋਰਟਰੀ ਟੈਕਨੀਸ਼ੀਅਨ, ਵਾਰਡ ਅਟੈਂਡੈਂਟ, ਦਰਜਾ-4 ਕਰਮਚਾਰੀ ਹੋਣਗੇ। ਇਸ ਮੌਕੇ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਤੋਂ ਇਲਾਵਾ ਜਤਿੰਦਰ ਜੈਨ ਸਪੈਸ਼ਲ ਡੀ.ਜੀ.ਪੀ (ਪੀ.ਐਸ.ਪੀ.ਸੀ.ਐੱਲ.), ਡਾ. ਅਨਿਲ ਗੋਇਲ ਸਿਵਲ ਸਰਜਨ ਫ਼ਰੀਦਕੋਟ, ਚੇਅਰਮੈਨ ਯੋਜਨਾ ਬੋਰਡ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਅਜੈਪਾਲ ਸਿੰਘ ਸੰਧੂ, ਪ੍ਰੋ. ਬੂਟਾ ਸਿੰਘ, ਡਾ. ਰਾਜਨ, ਡਾ. ਰਵੀ ਬਾਂਸਲ, ਰਾਜ ਕੁਮਾਰ ਗਰਗ, ਡਾ. ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।