26 ਸਤੰਬਰ ਦੀ ਮੋਗਾ ਰੈਲੀ ‘ਚ ਪਹੁੰਚਣ ਦਾ ਐਲਾਨ
ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐੱਸ.ਯੂ.) ਦੀ ਸਬ-ਕਮੇਟੀ ‘ਗਰਲਜ਼ ਸ਼ੀਲਡ ਟੀਮ’ ਵੱਲੋਂ ਪੀ ਐਸ ਯੂ ਦੀ ਜ਼ਿਲ੍ਹਾ ਪ੍ਰਧਾਨ ਹਰਵੀਰ ਗੰਧੜ ਦੀ ਅਗਵਾਈ ਵਿੱਚ ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਦੇਸ਼ ਵਿੱਚ ਔਰਤਾਂ ਖ਼ਿਲਾਫ਼ ਲਗਾਤਾਰ ਵਧ ਰਹੇ ਅਪਰਾਧਾਂ, ਛੇੜਛਾੜ ਦੀਆਂ ਘਟਨਾਵਾਂ ਅਤੇ ਅਸੁਰੱਖਿਅਤ ਮਾਹੌਲ ਦੇ ਵਿਰੋਧ ਵਿੱਚ ਇੱਕ ਭਾਰੂ ਰੋਸ ਮਾਰਚ ਕੱਢਿਆ ਗਿਆ। ਕਾਲਜ ਕੈਂਪਸ ਵਿੱਚ ਕੀਤੇ ਗਏ ਇਸ ਮਾਰਚ ਦੌਰਾਨ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਔਰਤ ਵਿਰੋਧੀ ਅੰਸ਼ਾਂ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਰੋਸ ਮਾਰਚ ਦੀ ਅਗਵਾਈ ਕਰਦਿਆਂ ਗਰਲਜ਼ ਸ਼ੀਲਡ ਟੀਮ ਦੀ ਇੰਚਾਰਜ ਜੈਸਮੀਨ, ਮੀਤ ਪ੍ਰਧਾਨ ਮਨਜੋਤ ਕੌਰ, ਜੋਬਨਪ੍ਰੀਤ ਕੌਰ ਨੇ ਆਖਿਆ ਕਿ ਦੇਸ਼ ਅੰਦਰ ਅਤੇ ਵਿੱਦਿਅਕ ਅਦਾਰਿਆਂ ਵਿੱਚ ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਲਜਾਂ ਦੇ ਮਾਹੌਲ ਨੂੰ ਵਿਦਿਆਰਥਣਾਂ ਲਈ ਸੁਰੱਖਿਅਤ ਬਣਾਉਣਾ ਅਤੇ ਛੇੜਛਾੜ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਅਤੇ ਕਾਨੂੰਨ-ਵਿਵਸਥਾ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧਾਂ ਨੂੰ ਰੋਕਣ ਵਿੱਚ ਨਾਕਾਮ ਸਿੱਧ ਹੋ ਰਹੇ ਹਨ, ਜਿਸ ਕਾਰਨ ਵਿਦਿਆਰਥਣਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ, ਇਸ ਲਈ ਵਿਦਿਆਰਥੀ ਵਰਗ ਨੂੰ ਖ਼ੁਦ ਆਪਣੇ ਹੱਕਾਂ ਅਤੇ ਸੁਰੱਖਿਆ ਲਈ ਲਾਮਬੰਦ ਹੋਣਾ ਪੈ ਰਿਹਾ ਹੈ। ਇਸ ਮੁਜ਼ਾਹਰੇ ਦੇ ਮਗਰਲੇ ਪੜਾਅ ‘ਚ ਕਾਲਜ ਕਮੇਟੀ ਦੇ ਪ੍ਰਧਾਨ ਅਭਿਨਵ ਸੋਢੀ ਅਤੇ ਸਕੱਤਰ ਸੁਖਦੇਵ ਸਿੰਘ ਨੇ ਐਲਾਨ ਕੀਤਾ ਕਿ 26 ਸਤੰਬਰ ਨੂੰ ਮੋਗਾ ਵਿਖੇ ਭਾਜਪਾ-ਆਰ.ਐੱਸ.ਐੱਸ. ਦੀਆਂ ਨੀਤੀਆਂ ਅਤੇ ਵਧ ਰਹੇ ਫਾਸ਼ੀਵਾਦ ਦੇ ਖ਼ਿਲਾਫ਼ ਕੀਤੀ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ ਤੋਂ ਵੱਡੀ ਗਿਣਤੀ ਵਿਦਿਆਰਥੀ ਸ਼ਮੂਲੀਅਤ ਕਰਨਗੇ। ਆਗੂਆਂ ਨੇ ਕਿਹਾ ਕਿ ਇਹ ਰੈਲੀ ਸਿਰਫ਼ ਔਰਤਾਂ ਦੇ ਮੁੱਦਿਆਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਆਰ.ਐੱਸ.ਐੱਸ. ਦੇ ਫਾਸ਼ੀਵਾਦੀ ਅਜੈਂਡੇ, ਕੇਂਦਰ ਸਰਕਾਰ ਦੇ ਜਬਰ, ਲੋਕ ਵਿਰੋਧੀ ਨੀਤੀਆਂ ਅਤੇ ਪੰਜਾਬ ਦੇ ਭਖਦੇ ਮਸਲਿਆਂ ਖ਼ਿਲਾਫ਼ ਇੱਕ ਵੱਡੀ ਆਵਾਜ਼ ਬੁਲੰਦ ਕਰੇਗੀ। ਪੀ.ਐੱਸ.ਯੂ. ਅਤੇ ਗਰਲਜ਼ ਸ਼ੀਲਡ ਟੀਮ ਦੇ ਆਗੂਆਂ ਨੇ ਕਾਲਜ ਦੇ ਸਮੁੱਚੇ ਵਿਦਿਆਰਥੀਆਂ ਨੂੰ 26 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਮੋਗਾ ਪਹੁੰਚ ਕੇ ਫਾਸ਼ੀਵਾਦ ਵਿਰੋਧੀ ਰੈਲੀ ਨੂੰ ਸਫ਼ਲ ਬਣਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਹੋਰ ਕਾਰਕੁਨ ਗੁਰਪ੍ਰੀਤ ਸਿੰਘ, ਸਤਵਿੰਦਰ ਸਿੰਘ, ਸੁਖਨਦੀਪ ਕੌਰ, ਪਵਨਦੀਪ ਕੌਰ, ਮਨਵਿੰਦਰ ਕੌਰ ਅਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

