
ਲੁਧਿਆਣਾ 24 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਪਾਲ ਆਡੀਟੋਰੀਅਮ ਵਿਚ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦਾ 72 ਸਾਲਾ ਸਥਾਪਨਾ ਦਿਹਾੜਾ ਬੇਹੱਦ ਪ੍ਰਭਾਵਸ਼ਾਲੀ ਅੰਦਾਜ਼ ਵਿਚ ਮਨਾਇਆ ਗਿਆ| ਇਸ ਮੌਕੇ ਕਾਲਜ ਨਾਲ ਕਿਸੇ ਵੀ ਰੂਪ ਵਿਚ ਬਾਵਸਤਾ ਰਹੇ ਉੱਘੇ ਖੇਤੀ ਵਿਗਿਆਨੀ ਹਾਜ਼ਰ ਰਹੇ| ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਾਜ਼ਰੀ ਭਰੀ| ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ. ਸੁਖਜੀਤਪਾਲ ਸਿੰਘ ਆਈ ਏ ਐੱਸ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ| ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰਾਂ ਡਾ. ਸਰਦਾਰਾ ਸਿੰਘ ਜੌਹਲ, ਡਾ. ਕ੍ਰਿਪਾਲ ਸਿੰਘ ਔਲਖ ਅਤੇ ਡਾ. ਬਲਦੇਵ ਸਿੰਘ ਢਿੱਲੋਂ ਤੋਂ ਬਿਨਾਂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਦਵਿੰਦਰ ਸਿੰਘ ਚੀਮਾ, ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਵੀ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਨ|
ਸ. ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਮੁੱਖ ਭਾਸ਼ਣ ਵਿਚ ਇਸ ਕਾਲਜ ਨੂੰ ਪੰਜਾਬ ਦੀ ਸ਼ਾਨਾਮੱਤੀ ਖੇਤੀ ਵਿਰਾਸਤ ਦਾ ਥੰਮ ਕਿਹਾ| ਉਹਨਾਂ ਕਿਹਾ ਕਿ 72 ਵਰ੍ਹੇ ਪਹਿਲਾਂ ਲਾਇਆ ਗਿਆ ਬੂਟਾ ਅੱਜ ਘਣਛਾਵਾਂ ਬਿਰਖ ਬਣ ਗਿਆ ਹੈ, ਜਿਸਦੀ ਛਾਂ ਦੇਸ਼-ਵਿਦੇਸ਼ ਤੱਕ ਜਾਂਦੀ ਹੈ| ਉਹਨਾਂ ਕਿਹਾ ਕਿ ਜਦੋਂ ਦੇਸ਼ ਵਿਚ ਭੁੱਖਮਰੀ ਸੀ ਅਤੇ ਅਨਾਜ ਲਈ ਅਸੀਂ ਹੋਰ ਮੁਲਕਾਂ ਦਾ ਆਸਰਾ ਲੱਭਦੇ ਸਾਂ ਖੇਤੀਬਾੜੀ ਕਾਲਜ ਨੇ ਉਸ ਵੇਲੇ ਪੰਜਾਬ ਦੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਸੁਮੇਲ ਬਣਾ ਕੇ ਉਤਪਾਦਨ ਨੂੰ ਨਾ ਸਿਰਫ ਵਧਾਇਆ ਬਲਕਿ ਖੇਤੀ ਪਰਿਵਾਰਾਂ ਦਾ ਰਹਿਣ-ਸਹਿਣ ਪੱਧਰ ਉੱਚਾ ਕੀਤਾ| ਸ. ਖੁੱਡੀਆਂ ਨੇ ਕਿਹਾ ਕਿ ਖੇਤੀਬਾੜੀ ਕਾਲਜ ਪੰਜਾਬ ਦੀ ਪਿਛਲੇ ਸੱਤ ਦਹਾਕਿਆਂ ਦੀ ਤਾਰੀਖ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ| ਉਹਨਾਂ ਕਿਹਾ ਕਿ ਇਸ ਕਾਲਜ ਨੂੰ ਮਾਣ ਹਾਸਲ ਹੈ ਕਿ ਇੱਥੇ ਦੇਸ਼ ਦੇ ਸਿਖਰਲੇ ਵਿਗਿਆਨੀਆਂ, ਖੇਤੀ ਪ੍ਰਸ਼ਾਸਕਾਂ ਅਤੇ ਨੀਤੀ ਨਿਰਧਾਰਕਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ| ਇਸ ਕਾਲਜ ਵਿਚ ਡਿਗਰੀ ਹਾਸਲ ਕਰਨਾ ਅੱਜ ਵੀ ਮਾਣ ਵਾਲੀ ਗੱਲ ਹੈ| ਸ. ਖੁੱਡੀਆਂ ਨੇ ਆਸ ਪ੍ਰਗਟਾਈ ਕਿ ਇਹ ਕਾਲਜ ਪੰਜਾਬ ਦੀਆਂ ਮੌਜੂਦਾ ਖੇਤੀ ਚੁਣੌਤੀਆਂ ਦਾ ਸਾਹਮਣਾ ਕਰਨਯੋਗ ਸੋਝੀ ਦਾ ਵਿਕਾਸ ਕਰੇਗਾ ਅਤੇ ਨਵੇਂ ਖੇਤੀ ਇਨਕਲਾਬ ਦੀ ਸ਼ੁਰੂਆਤ ਲਈ ਅੱਗੇ ਆਏਗਾ|
ਇਸ ਮੌਕੇ ਉੱਘੇ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਪੰਜਾਬ ਦਾ ਖੇਤੀ ਵਿਕਾਸ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ| ਉਹਨਾਂ ਦੱਸਿਆ ਕਿ ਲਾਇਲਪੁਰ ਵਿਚ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸਥਾਪਿਤ ਹੋਇਆ ਖੇਤੀਬਾੜੀ ਕਾਲਜ ਉਥੋਂ ਦੀ ਖੇਤੀ ਦੇ ਵਿਕਾਸ ਲਈ ਬੜਾ ਅਹਿਮ ਅਦਾਰਾ ਸੀ| ਵੰਡ ਤੋਂ ਬਾਅਦ ਜਦੋਂ ਵਸੋਂ ਦੇ ਤਬਾਦਲੇ ਹੋਏ ਤਾਂ ਚੜਦੇ ਪੰਜਾਬ ਵਿਚ ਖੇਤੀ ਦੇ ਹਾਲਾਤ ਅਣਸੁਖਾਵੇਂ ਸਨ| ਲੁਧਿਆਣਾ ਵਿਖੇ ਖੇਤੀਬਾੜੀ ਕਾਲਜ ਦੀ ਸਥਾਪਤੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਨਵੀਂ ਸੋਝੀ ਤਾਂ ਹਾਸਲ ਹੋਈ ਸੀ ਪਰ ਮਸਲਾ ਇਕ ਬੱਝਵੀਂ ਖੋਜ ਅਤੇ ਉਸਦੇ ਪਸਾਰ ਦਾ ਸੀ| ਪੀ.ਏ.ਯੂ. ਨੇ ਆਪਣੇ ਗਠਨ ਤੋਂ ਹੀ ਖੇਤੀ ਦੀ ਖੋਜ ਨੂੰ ਵਿਸ਼ਵ ਪੱਧਰ ਦੀਆਂ ਲੱਭਤਾਂ ਨਾਲ ਜੋੜਿਆ| ਕਣਕ-ਝੋਨਾ, ਮੱਕੀ-ਨਰਮਾ, ਹੋਰ ਚਾਰਾ ਫਸਲਾਂ, ਦਾਲਾਂ-ਸਬਜ਼ੀਆਂ ਅਤੇ ਫ਼ਲਾਂ ਦੀਆਂ ਜੋ ਕਿਸਮਾਂ ਪੀ.ਏ.ਯੂ. ਨੇ ਖੋਜੀਆਂ ਉਸ ਨਾਲ ਚੜ੍ਹਦੇ ਪੰਜਾਬ ਦੀ ਨੁਹਾਰ ਬਦਲੀ ਹੈ ਅਤੇ ਇਸਦਾ ਸਿਹਰਾ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਸਿਰ ਬੱਝਦਾ ਹੈ| ਡਾ. ਜੌਹਲ ਨੇ ਆਸ ਪ੍ਰਗਟਾਈ ਕਿ ਭਵਿੱਖ ਦੇ ਵਿਗਿਆਨੀ ਖੇਤੀ ਖੋਜ ਨੂੰ ਸਿਦਕ ਅਤੇ ਲਗਨ ਨਾਲ ਨਵੀਂ ਦਿਸ਼ਾ ਵੱਲ ਤੋਰਨ ਦਾ ਯਤਨ ਕਰਨਗੇ|
ਸਾਬਕਾ ਵਾਈਸ ਚਾਂਸਲਰ ਡਾ. ਕ੍ਰਿਪਾਲ ਸਿੰਘ ਔਲਖ ਨੇ ਕਿਹਾ ਕਿ ਸ਼ਾਇਦ ਹੀ ਕਿਸੇ ਹੋਰ ਸੰਸਥਾ ਨੇ ਐਨਾ ਅਹਿਮ ਯੋਗਦਾਨ ਆਪਣੇ ਖਿੱਤੇ ਲਈ ਦਿੱਤਾ ਹੋਵੇ ਜਿੰਨਾ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਨੇ ਪੰਜਾਬ ਲਈ ਪਾਇਆ ਹੈ| ਉਹਨਾਂ ਇਸ ਯੋਗਦਾਨ ਦਾ ਵੇਰਵਾ ਦਿੰਦਿਆਂ ਕਿਹਾ ਕਿ ਖੇਤੀ ਦੇ ਨਾਲ-ਨਾਲ ਸੱਭਿਆਚਾਰਕ ਕਾਰਜਾਂ, ਖੇਡਾਂ ਅਤੇ ਸਮਾਜ ਦੇ ਸਾਰੇ ਅਗਾਂਹਵਧੂ ਖਿੱਤਿਆਂ ਲਈ ਪੀ.ਏ.ਯੂ. ਦੇ ਇਸ ਸੰਸਥਾਨ ਦਾ ਮਹੱਤਵ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣ ਯੋਗ ਹੈ| ਉਹਨਾਂ ਆਸ ਪ੍ਰਗਟਾਈ ਕਿ ਇਹ ਕਾਲਜ ਆਪਣੇ ਯੋਗਦਾਨ ਦੀ ਲੜੀ ਨੂੰ ਇਸੇ ਗਤੀ ਨਾਲ ਅਗਾਂਹ ਵੱਲ ਤੋਰੀ ਰੱਖੇਗਾ|
ਸਾਬਕਾ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਮਾਣ ਦਾ ਪ੍ਰਗਟਾਵਾ ਕੀਤਾ ਕਿ ਉਹ ਇਸ ਕਾਲਜ ਨਾਲ ਜੁੜੇ ਰਹੇ ਹਨ| ਉਹਨਾਂ ਕਿਹਾ ਕਿ ਇਸ ਕਾਲਜ ਦਾ ਮਾਹੌਲ ਇਤਿਹਾਸਕ ਤੌਰ ਤੇ ਉਤਸ਼ਾਹ ਨਾਲ ਭਰਿਆ ਰਿਹਾ ਹੈ| ਨਾਲ ਹੀ ਡਾ. ਢਿੱਲੋਂ ਨੇ ਕਿਹਾ ਕਿ ਇਸ ਦੇ ਵਿਦਿਆਰਥੀ ਪਹਿਲਾਂ ਪਹਿਲ ਪੰਜਾਬ ਦੇ ਦੂਰ-ਦਰਾਜ ਦੇ ਪੇਂਡੂ ਖੇਤਰਾਂ ਚੋਂ ਆਏ ਇਸਲਈ ਉਹ ਖੇਤੀ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਭਲੀਭਾਂਤ ਵਾਕਫ ਸਨ ਅਤੇ ਮਿਹਨਤ ਦੀ ਰੁਚੀ ਉਹਨਾਂ ਨੂੰ ਗੁੜਤੀ ਵਿਚ ਮਿਲੀ ਹੋਈ ਸੀ| ਨਿੱਠ ਕੇ ਕੰਮ ਕਰਕੇ ਉਹਨਾਂ ਨੇ ਪੰਜਾਬ ਦੀ ਖੇਤੀ ਨੂੰ ਸੰਸਾਰ ਦਾ ਸਭ ਤੋਂ ਵਿਕਸਿਤ ਉਤਪਾਦਨੀ ਖੇਤਰ ਬਨਾਉਣ ਲਈ ਹੰਭਲਾ ਮਾਰਿਆ| ਉਹਨਾਂ ਨੇ ਮੌਜੂਦਾ ਯੁੱਗ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਖੇਤੀ ਸਮੱਸਿਆਵਾਂ ਨਾਲ ਨੇੜਲੇ ਸੰਬੰਧ ਬਨਾਉਣ ਦੀ ਅਪੀਲ ਕੀਤੀ ਤਾਂ ਜੋ ਸਮਾਧਾਨ ਲਈ ਲੋੜੀਂਦੀ ਊਰਜਾ ਪੈਦਾ ਕੀਤੀ ਜਾ ਸਕੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਸੁਖਜੀਤਪਾਲ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਖੇਤੀ ਨੂੰ ਰਵਾਇਤੀ ਲੀਹਾਂ ਤੇ ਜਾਰੀ ਰੱਖਣ ਦਾ ਸਮਾਂ ਹੌਲੀ-ਹੌਲੀ ਵਿਹਾ ਰਿਹਾ ਹੈ| ਇਸਲਈ ਅੱਜ ਦੇ ਵਿਦਿਆਰਥੀਆਂ ਨੂੰ ਹਾਸਲ ਕੀਤੀ ਵਿੱਦਿਆ ਖੇਤੀ ਖੇਤਰ ਵਿਚ ਕਾਰਗਾਰ ਢੰਗ ਨਾਲ ਲਾਗੂ ਕਰਨੀ ਚਾਹੀਦੀ ਹੈ| ਨੌਕਰੀਆਂ ਵੱਲ ਝਾਤ ਰੱਖਣ ਦੀ ਥਾਂ ਜੇਕਰ ਖੇਤੀ ਨੂੰ ਕਾਰੋਬਾਰੀ ਰੁਤਬਾ ਪ੍ਰਦਾਨ ਕੀਤਾ ਜਾਵੇ ਤਾਂ ਇਹ ਖੇਤਰ ਰੁਜ਼ਗਾਰ ਦੇਣ ਵਾਲਾ ਬਣ ਸਕਦਾ ਹੈ| ਉਹਨਾਂ ਨੇ ਏ ਆਈ ਦੇ ਯੁੱਗ ਵਿਚ ਵਿਗਿਆਨਕ ਦ੍ਰਿਸ਼ਟੀਆਂ ਨੂੰ ਅਧਾਰ ਬਣਾ ਕੇ ਖੇਤੀ ਖੋਜ ਅੱਗੇ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ|
ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ|
ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦਿਹਾੜੇ ਨੂੰ ਮਨਾਉਣ ਦਾ ਮੰਤਵ ਅੱਜ ਦੇ ਵਿਦਿਆਰਥੀਆਂ ਨੂੰ ਵਿਰਾਸਤ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਉਣਾ, ਅੱਜ ਦੀਆਂ ਲੋੜਾਂ ਨੂੰ ਉਭਾਰਨਾ ਅਤੇ ਭਵਿੱਖ ਦੀ ਮੰਗ ਬਾਰੇ ਚਾਨਣ ਦੇਣਾ ਹੈ| ਉਹਨਾਂ ਦੱਸਿਆ ਕਿ 120 ਸਾਲ ਪਹਿਲਾਂ ਸਥਾਪਿਤ ਹੋਇਆ ਇਹ ਕਾਲਜ ਖੇਤੀ ਪ੍ਰਸ਼ਾਸਨ ਨੂੰ 44 ਵਾਈਸ ਚਾਂਸਲਰ ਅਤੇ ਅਣਗਿਣਤ ਨੀਤੀ ਨਿਰਧਾਰਕ ਦੇ ਚੁੱਕਾ ਹੈ ਅਤੇ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨਵਤੇਜ ਬੈਂਸ, ਡਾ. ਜੇ ਐਸ ਕੁਲਾਰ, ਡਾ. ਅਜਮੇਰ ਢੱਟ, ਡਾ. ਸਰਜੀਤ ਸਿੰਘ ਗਿੱਲ ਸਮੇਤ ਸਾਬਕਾ ਵਿਗਿਆਨੀ, ਅਹੁਦੇਦਾਰ, ਡੀਨ-ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਭਾਰੀ ਗਿਣਤੀ ਵਿਚ ਮੌਜੂਦ ਸਨ|
ਅੰਤ ਵਿਚ ਡਾ. ਕਮਲਦੀਪ ਸਿੰਘ ਸਾਂਘਾ ਨੇ ਧੰਨਵਾਦ ਦੇ ਸ਼ਬਦ ਕਹੇ| ਇਸ ਮੌਕੇ ਖੇਡਾਂ, ਅਕਾਦਮਿਕ, ਸੱਭਿਆਚਾਰਕ ਗਤੀਵਿਧੀਆਂ ਵਿਚ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਪ੍ਰਧਾਨਗੀ ਮੰਡਲ ਵੱਲੋਂ ਕੀਤਾ ਗਿਆ| ਨਾਲ ਹੀ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ ਅਤੇ ਹੋਰ ਪੇਸ਼ਕਾਰੀਆਂ ਰਾਹੀਂ ਹਾਜ਼ਰ ਇਕੱਠ ਦਾ ਭਰਪੂਰ ਮਨੋਰੰਜਨ ਕੀਤਾ|

