ਬਲੂਮਿੰਗਡੇਲ ਸਕੂਲ ਕੋਟਕਪੂਰਾ ਵਿਖੇ ਕਰੀਅਰ ਕੌਂਸਲਿੰਗ ਕੈਂਪ ਦਾ ਆਯੋਜਨ, ਮਾਹਰਾਂ ਨੇ ਵਿਦਿਆਰਥੀਆਂ ਨੂੰ ਦਿੱਤੇ ਭਵਿੱਖੀ ਮਾਰਗਦਰਸ਼ਨ ਦੇ ਗੁਰ
ਵਿਦਿਆਰਥੀਆਂ ਦੀ ਰੁਚੀ ਅਨੁਸਾਰ ਮਾਰਗਦਰਸ਼ਨ ਦੇਣਾ ਸਮੇਂ ਦੀ ਮੁੱਖ ਲੋੜ : ਸ਼ਾਹਬਾਜ਼ ਸਿੰਘ ਸੰਧੂ
ਕੋਟਕਪੂਰਾ, 5 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ ‘ਤੇ ਸਥਿਤ ਗੋਬਿੰਦ ਅਸਟੇਟ ਵਿਖ਼ੇ ਚੱਲ ਰਹੇ ਪ੍ਰਮੁੱਖ ਵਿਦਿਅਕ ਅਦਾਰੇ ਦਾ ਬਲੂਮਿੰਗਡੇਲ ਸਕੂਲ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ-ਨਿਰਦੇਸ਼ ਦੇਣ ਦੇ ਮਕਸਦ ਨਾਲ ਅਜੈਪਾਲ ਸਿੰਘ ਸੰਧੂ ਅਤੇ ਸ਼ਾਹਬਾਜ਼ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਇੱਕ ਰੋਜ਼ਾ ਵਿਸ਼ੇਸ਼ ਕਰੀਅਰ ਕੌਂਸਲਿੰਗ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕੈਂਪ ਦੌਰਾਨ ਪਹੁੰਚੇ ਕਰੀਅਰ ਮਾਹਰਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਪਲਬਧ ਰੋਜ਼ਗਾਰ ਅਤੇ ਭਵਿੱਖ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਾਹਰਾਂ ਨੇ ਵਿਸ਼ੇਸ਼ ਤੌਰ ‘ਤੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਤੋਂ ਬਾਅਦ ਸਹੀ ਵਿਸ਼ਿਆਂ ਦੀ ਚੋਣ ਕਰਨ ਦੀ ਮਹੱਤਤਾ ਸਮਝਾਈ ਅਤੇ ਆਧੁਨਿਕ ਦੌਰ ਦੀਆਂ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਵੀ ਆਪਣੇ ਭਵਿੱਖ ਅਤੇ ਕਰੀਅਰ ਨਾਲ ਜੁੜੇ ਬਹੁਤ ਸਾਰੇ ਸਵਾਲ ਪੁੱਛ ਕੇ ਆਪਣੀਆਂ ਸ਼ੰਕਾਵਾਂ ਦਾ ਹੱਲ ਕੀਤਾ।
ਬੱਚਿਆਂ ਦੀ ਰੁਚੀ ਅਨੁਸਾਰ ਮਾਰਗਦਰਸ਼ਨ ਦੇਣਾ ਸਮੇਂ ਦੀ ਮੁੱਖ ਲੋੜ : ਇਸ ਮੌਕੇ ਬੋਲਦਿਆਂ ਸ਼ਾਹਬਾਜ਼ ਸਿੰਘ ਸੰਧੂ ਨੇ ਆਖਿਆ, “ਸਾਡਾ ਮੁੱਖ ਉਦੇਸ਼ ਬੱਚਿਆਂ ਦੀ ਨਿੱਜੀ ਰੁਚੀ ਅਤੇ ਉਨ੍ਹਾਂ ਦੀ ਸਮਰੱਥਾ ਦੇ ਅਧਾਰ ‘ਤੇ ਉਨ੍ਹਾਂ ਦੇ ਕਰੀਅਰ ਨੂੰ ਸਹੀ ਰੂਪ ਦੇਣਾ ਹੈ। ਅੱਜ ਦੇ ਤਕਨਾਲੋਜੀ ਅਤੇ ਪ੍ਰਤੀਯੋਗਤਾ ਵਾਲੇ ਦੌਰ ਵਿੱਚ ਬੱਚਿਆਂ ਨੂੰ ਸਹੀ ਸਮੇਂ ‘ਤੇ ਸਹੀ ਮਾਰਗਦਰਸ਼ਨ ਮਿਲਣਾ ਅਤੀ ਜ਼ਰੂਰੀ ਹੈ, ਤਾਂ ਜੋ ਉਹ ਆਪਣੀ ਪਸੰਦ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਸਕਣ।” ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਬਿਹਤਰ ਭਵਿੱਖ ਲਈ ਸਕੂਲ ਪ੍ਰਬੰਧਕਾਂ ਵੱਲੋਂ ਇਸ ਤਰ੍ਹਾਂ ਦੇ ਕਰੀਅਰ ਕੌਂਸਲਿੰਗ ਕੈਂਪ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਆਯੋਜਿਤ ਕੀਤੇ ਜਾਣਗੇ। ਕੈਂਪ ਦੇ ਸਮਾਪਨ ‘ਤੇ ਸਮਾਗਮ ਵਿੱਚ ਹਾਜ਼ਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੇ ਇਸ ਨਿਵੇਕਲੇ ਅਤੇ ਸਾਰਥਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

