
ਲੁਧਿਆਣਾ 8 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਸਲਾਹ ਕੇਂਦਰ ਪੀ.ਏ.ਯੂ. ਵਿਖੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ| ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹ ਸੇਵਾ ਕੇਂਦਰਾਂ ਦੇ ਮਾਹਿਰਾਂ ਤੋਂ ਬਿਨਾਂ ਪੀ.ਏ.ਯੂ. ਦੇ ਵੱਖ-ਵੱਖ ਵਿਸ਼ਿਆਂ ਦੇ ਵਿਗਿਆਨੀਆਂ, ਖੋਜ ਅਤੇ ਪਸਾਰ ਕਰਮੀਆਂ ਨੇ ਹਿੱਸਾ ਲਿਆ| ਮੀਟਿੰਗ ਦੌਰਾਨ ਮੌਜੂਦਾ ਫਸਲੀ ਹਾਲਾਤ ਬਾਰੇ ਚਰਚਾ ਕਰਨ ਦੇ ਨਾਲ-ਨਾਲ ਝੋਨੇ ਦੀ ਵਢਾਈ, ਵਿਕਰੀ, ਪਰਾਲੀ ਦੀ ਸੰਭਾਲ ਆਦਿ ਬਾਰੇ ਵਿਚਾਰ-ਚਰਚਾ ਹੋਈ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨ ਮੇਲਿਆਂ ਨੂੰ ਸਫਲਤਾ ਨਾਲ ਆਯੋਜਿਤ ਕਰਨ ਵਿਚ ਯੂਨੀਵਰਸਿਟੀ ਦੇ ਸਮੁੱਚੇ ਕਰਮਚਾਰੀਆਂ ਅਤੇ ਮਾਹਿਰਾਂ ਨੇ ਡਟ ਕੇ ਕਾਰਜ ਕੀਤਾ ਹੈ| ਹੁਣ ਝੋਨੇ ਦੀ ਵਢਾਈ ਤੋਂ ਬਾਅਦ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦਾ ਸਮਾਂ ਹੈ| ਉਹਨਾਂ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਪਸਾਰ ਕੰਮਾਂ ਉੱਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਦੁਹਰਾਇਆ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਸ਼ੇਸ਼ ਤੌਰ ਤੇ ਪਰਾਲੀ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕੀਤੀਆਂ ਮਸ਼ੀਨਾਂ ਦਾ ਜ਼ਿਕਰ ਕੀਤਾ| ਨਾਲ ਹੀ ਉਹਨਾਂ ਨੇ ਫਸਲੀ ਵਿਭਿੰਨਤਾ ਸੰਬੰਧੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਦਾ ਦੁਹਰਾਉ ਵੀ ਕੀਤਾ|
ਵੱਖ-ਵੱਖ ਮੁੱਦਿਆ ਉੱਪਰ ਮਾਹਿਰਾਂ ਨੇ ਨਿੱਠ ਕੇ ਵਿਚਾਰ-ਚਰਚਾ ਕੀਤੀ| ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਨੂੰ ਵਿਚਾਰਿਆ ਗਿਆ ਅਤੇ ਆਉਂਦੇ ਦਿਨੀਂ ਕੀਤੇ ਜਾਣ ਵਾਲੇ ਜ਼ਰੂਰੀ ਖੇਤੀ ਕੰਮਾਂ ਸੰਬੰਧੀ ਚਰਚਾ ਵੀ ਹੋਈ| ਇਸ ਮੀਟਿੰਗ ਦਾ ਸੰਚਾਲਨ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕੀਤਾ|

